ਆਪਰੇਸ਼ਨ ਬਲੂ ਸਟਾਰ ਤੋਂ ਕੁਝ ਸਮਾਂ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਜਰਨੈਲ ਸਿੰਘ ਭਿੰਡਰਾਵਾਲੇ ਦੇ ਨਾਲ ਅਕਸਰ ਇੱਕ ਲੰਬੀ ਚਿੱਟੀ ਦਾੜ੍ਹੀ ਅਤੇ ਪੋਚਵੀਂ ਪੱਗ ਬੰਨ੍ਹਣ ਵਾਲੇ ਸ਼ਖ਼ਸ ਨੂੰ ਬੈਠੇ ਦੇਖਿਆ ਜਾਂਦਾ ਸੀ।

1984 ਆਪਰੇਸ਼ਨ ਬਲੂ ਸਟਾਰ : ਜਨਰਲ ਸੁਬੇਗ ਸਿੰਘ ਜੋ ਭਾਰਤ ਲਈ ਵੀ ਲੜੇ ਅਤੇ ਭਾਰਤ ਦੇ ਖ਼ਿਲਾਫ਼ ਵੀ
ਆਪਰੇਸ਼ਨ ਬਲੂ ਸਟਾਰ ਤੋਂ ਕੁਝ ਸਮਾਂ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਜਰਨੈਲ ਸਿੰਘ ਭਿੰਡਰਾਵਾਲੇ ਦੇ ਨਾਲ ਅਕਸਰ ਇੱਕ ਲੰਬੀ ਚਿੱਟੀ ਦਾੜ੍ਹੀ ਅਤੇ ਪੋਚਵੀਂ ਪੱਗ ਬੰਨ੍ਹਣ ਵਾਲੇ ਸ਼ਖ਼ਸ ਨੂੰ ਬੈਠੇ ਦੇਖਿਆ ਜਾਂਦਾ ਸੀ।

ਉਹ ਦੇਖਣ ਵਿੱਚ ਪਤਲੇ ਜ਼ਰੂਰ ਸਨ, ਪਰ ਉਨ੍ਹਾਂ ਦਾ ਚਿਹਰਾ ਬੌਧਿਕ ਸੀ। ਬਾਹਰ ਤੋਂ ਉਹ ਇੱਕ ਗ੍ਰੰਥੀ ਹੋਣ ਦੀ ਝਲਕ ਦਿੰਦੇ ਸਨ, ਪਰ ਅਸਲ ਵਿੱਚ ਉਹ ਇੱਕ ਸਿਪਾਹੀ ਸਨ, ਮੇਜਰ ਜਨਰਲ ਸੁਬੇਗ ਸਿੰਘ, ਜਿਨ੍ਹਾਂ ਨੇ ਭਾਰਤੀ ਫ਼ੌਜ ਦੇ ਖਿਲਾਫ਼ ਹਰਿਮੰਦਰ ਸਾਹਿਬ ਵਿੱਚ ਮੋਰਚਾਬੰਦੀ ਕੀਤੀ ਸੀ।

ਜਦੋਂ ਤਿੰਨ ਮਹੀਨਿਆਂ ਬਾਅਦ ਭਾਰਤੀ ਫੌਜ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਈ ਸੀ ਤਾਂ ਉਨ੍ਹਾਂ ਨੇ ਹੀ ਕਰੀਬ 200 ਸਾਥੀਆਂ ਨਾਲ ਉਸ ਦਾ ਸਾਹਮਣਾ ਕੀਤਾ ਸੀ।

ਸੁਬੇਗ ਸਿੰਘ ਪੜ੍ਹਨ ਲਿਖਣ ਦੇ ਸ਼ੌਕੀਨ ਸਨ ਅਤੇ ਸੱਤ ਭਾਸ਼ਾਵਾਂ ਪੰਜਾਬੀ, ਫ਼ਾਰਸੀ, ਉਰਦੂ, ਬੰਗਲਾ, ਗੋਰਖਾਲੀ, ਹਿੰਦੀ ਅਤੇ ਅੰਗਰੇਜ਼ੀ ਰਵਾਨਗੀ ਨਾਲ ਬੋਲ ਲੈਂਦੇ ਸਨ।

ਮੇਜਰ ਜਨਰਲ ਸੁਬੇਗ ਸਿੰਘ ਦੀ ਸ਼ਖ਼ਸੀਅਤ ਕਿਵੇਂ ਦੀ ਸੀ? ਮੈਂ ਇਹੀ ਸਵਾਲ ਇਸ ਸਮੇਂ ਭਿਵਾੜੀ ਵਿੱਚ ਰਹਿ ਰਹੇ ਉਨ੍ਹਾਂ ਦੇ ਛੋਟੇ ਬੇਟੇ ਪ੍ਰਬਪਾਲ ਸਿੰਘ ਦੇ ਸਾਹਮਣੇ ਰੱਖਿਆ।

ਪ੍ਰਬਪਾਲ ਸਿੰਘ ਦਾ ਜਵਾਬ ਸੀ, ‘ਉਹ 5 ਫੁੱਟ 8 ਇੰਚ ਲੰਬੇ ਸਨ, ਉਹ ਬਹੁਤ ਚੰਗੇ ਐਥਲੀਟ ਸਨ। 18 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ 100 ਮੀਟਰ ਦੌੜ ਵਿੱਚ ਭਾਰਤੀ ਰਿਕਾਰਡ ਦੀ ਬਰਾਬਰੀ ਕੀਤੀ ਸੀ। ਇਸ ਦੇ ਇਲਾਵਾ ਉਹ ਬਹੁਤ ਚੰਗੇ ਘੋੜਸਵਾਰ ਅਤੇ ਤੈਰਾਕ ਵੀ ਸਨ। ਪਰ ਉਹ ਹਮੇਸ਼ਾ ਤੋਂ ਹੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ।”
ਭਾਰਤ ਵੱਲੋਂ ਹਰ ਲੜ੍ਹਾਈ ਵਿੱਚ ਸ਼ਾਮਲ ਹੋਏ
ਆਪਣੇ ਫ਼ੌਜੀ ਜੀਵਨ ਵਿੱਚ ਉਨ੍ਹਾਂ ਨੇ ਭਾਰਤ ਵੱਲੋਂ ਹਰ ਲੜਾਈ ਲੜੀ ਸੀ, ਚਾਹੇ ਉਹ ਦੂਜਾ ਵਿਸ਼ਵ ਯੁੱਧ ਹੋਵੇ, 1947 ਵਿੱਚ ਪਾਕਿਸਤਾਨ ਦਾ ਹਮਲਾ ਹੋਵੇ ਜਾਂ ਫਿਰ 1962 ਦੀ ਭਾਰਤ-ਚੀਨ ਲੜਾਈ ਅਤੇ 1965 ਅਤੇ 1971 ਦੇ ਭਾਰਤ-ਪਾਕਿਸਤਾਨ ਯੁੱਧ। related newsਅੱਜ ਦੇ ਦਿਨ ਕੀਤੀ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਨੌਜਵਾਨਾਂ ਨੂੰ ਮਿਲਟਰੀ ਫੋਰਸ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਬੇਨਤੀ.

ਪ੍ਰਬਪਾਲ ਸਿੰਘ ਦੱਸਦੇ ਹਨ, ”1942 ਵਿੱਚ ਉਨ੍ਹਾਂ ਨੂੰ ਕਿੰਗਜ਼ ਕਮਿਸ਼ਨ ਮਿਲਿਆ ਸੀ। ਉਨ੍ਹਾਂ ਨੇ ਬ੍ਰਿਟਿਸ਼ ਫੋਰਸਾਂ ਨਾਲ ਸਿੰਗਾਪੁਰ ਅਤੇ ਮਲਾਇਆ ਨੂੰ ਆਜ਼ਾਦ ਕਰਵਾਇਆ ਸੀ।”

”ਸਾਲ 1948 ਵਿੱਚ ਉਹ ਕਸ਼ਮੀਰ ਵਿੱਚ ਪਾਕਿਸਤਾਨ ਦੇ ਖਿਲਾਫ਼ ਲੜੇ, ਜਿੱਥੇ ਉਹ ਬ੍ਰਿਗੇਡੀਅਰ ਉਸਮਾਨ ਦੇ ਸਟਾਫ਼ ਅਫ਼ਸਰ ਸਨ। ਜਦੋਂ ਉਸਮਾਨ ਲੜਾਈ ਵਿੱਚ ਮਾਰੇ ਗਏ ਤਾਂ ਉਹ ਉਨ੍ਹਾਂ ਤੋਂ 20 ਗਜ਼ ਦੀ ਦੂਰੀ ‘ਤੇ ਸਨ।”

ਪ੍ਰਬਪਾਲ ਸਿੰਘ ਅੱਗੇ ਦੱਸਦੇ ਹਨ, ”1962 ਦੀ ਲੜਾਈ ਵਿੱਚ ਉਹ ਤੇਜਪੁਰ ਵਿੱਚ ਸਨ। ਉਹ ਜ਼ਖ਼ਮੀ ਭਾਰਤੀ ਫ਼ੌਜੀਆਂ ਨੂੰ ਇੱਕ ਮਜ਼ਦੂਰ ਵਾਂਗ ਆਪਣੇ ਮੋਢਿਆਂ ‘ਤੇ ਚੁੱਕ ਕੇ ਤੇਜਪੁਰ ਹਸਪਤਾਲ ਤੱਕ ਲਿਆਏ ਸਨ।”

”1965 ਦੀ ਲੜਾਈ ਵਿੱਚ ਉਹ ਹਾਜੀਪੀਰ ਦੇ ਮੋਰਚੇ ‘ਤੇ ਸਨ। ਉਹ ਇਕੱਲੇ ਅਫ਼ਸਰ ਸਨ ਜਿਨ੍ਹਾਂ ਨੂੰ ਲੈਫਟੀਨੈਂਟ ਕਰਨਲ ਤੋਂ ਸਿੱਧਾ ਬ੍ਰਿਗੇਡੀਅਰ ਦੇ ਤੌਰ ‘ਤੇ ਪ੍ਰਮੋਟ ਕੀਤਾ ਗਿਆ ਸੀ।”

”ਸਾਲ 1969 ਵਿੱਚ ਉਹ ਨਾਗਾਲੈਂਡ ਪੋਸਟਿੰਗ ‘ਤੇ ਚਲੇ ਗਏ ਸਨ। ਜਦੋਂ ਬੰਗਲਾਦੇਸ਼ ਦਾ ਸੰਘਰਸ਼ ਸ਼ੁਰੂ ਹੋਇਆ ਤਾਂ ਉਨ੍ਹਾਂ ਨੂੰ ਉੱਥੋਂ ਹੀ ਬੁਲਾਇਆ ਗਿਆ ਸੀ।”
ਸੁਬੇਗ ਸਿੰਘ ਤੋਂ ਬਣੇ ਬੇਗ

1971 ਵਿੱਚੋਂ ਬੰਗਲਾਦੇਸ਼ ਦਾ ਸੰਘਰਸ਼ ਸ਼ੁਰੂ ਹੋਇਆ ਤਾਂ ਭਾਰਤੀ ਫ਼ੌਜ ਦੇ ਮੁਖੀ ਸੈਮ ਮਾਨੇਕ ਸ਼ਾਅ ਨੇ ਉਨ੍ਹਾਂ ਨੂੰ ਦਿੱਲੀ ਤਲਬ ਕੀਤਾ।

ਜਿੱਥੇ ਉਨ੍ਹਾਂ ਨੂੰ ਬੰਗਾਲੀ ਖਾੜਕੂਆਂ ਦੀ ਜਥੇਬੰਦੀ ਮੁਕਤੀ ਬਾਹਿਨੀ ਨੂੰ ਖੜ੍ਹੀ ਕਰਨ ਅਤੇ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ।

ਇਹ ਇੱਕ ਗੁਪਤ ਮਿਸ਼ਨ ਸੀ ਕਿਉਂਕਿ ਭਾਰਤ ਦੁਨੀਆ ਨੂੰ ਇਹ ਨਹੀਂ ਦਿਖਾਉਣਾ ਚਾਹੁੰਦਾ ਸੀ ਕਿ ਉਹ ਮੁਕਤੀ ਬਾਹਿਨੀ ਨੂੰ ਸਿਖਲਾਈ ਦੇ ਰਿਹਾ ਹੈ।

ਅਧਿਕਾਰਿਤ ਤੌਰ ‘ਤੇ ਭਾਰਤ ਨੇ ਅਜੇ ਤੱਕ ਸਵੀਕਾਰ ਨਹੀਂ ਕੀਤਾ ਕਿ ਉਸ ਨੇ ਮੁਕਤੀ ਬਾਹਿਨੀ ਨੂੰ ਸਿਖਲਾਈ ਦਿੱਤੀ ਹੈ।

ਪੂਰਬੀ ਕਮਾਨ ਦੇ ਮੁਖੀ ਜਨਰਲ ਜਗਜੀਤ ਸਿੰਘ ਅਰੋੜਾ ਦਾ ਮੰਨਣਾ ਸੀ ਕਿ ਮੁਕਤੀ ਬਾਹਿਨੀ ਦੀ ਸਿਖਲਾਈ ਵਿੱਚ ਸੁਬੇਗ ਸਿੰਘ ਦੀ ਬਹੁਤ ਵੱਡੀ ਭੂਮਿਕਾ ਸੀ।
ਭਾਵੇਂ ਸਿੱਖਾਂ ਵਿਚ ਕੇਸ ਰੱਖਣੇ ਧਾਰਮਿਕ ਆਸਥਾ ਦੀ ਰਵਾਇਤ ਹੈ, ਪਰ ਕੰਮ ਦੇ ਤਕਾਜ਼ੇ ਮੁਤਾਬਕ ਸੁਬੇਗ ਸਿੰਘ ਨੇ ਆਪਣੇ ਵਾਲ ਤੱਕ ਕਟਵਾ ਦਿੱਤੇ ਸਨ।

ਸੁਬੇਗ ਸਿੰਘ ਦੇ ਬੇਟੇ ਪ੍ਰਬਪਾਲ ਸਿੰਘ ਦੱਸਦੇ ਹਨ, ”ਜਦੋਂ ਮੇਰੇ ਪਿਤਾ ਮੁਕਤੀ ਬਾਹਿਨੀ ਨੂੰ ਟਰੇਨ ਕਰ ਰਹੇ ਸਨ ਤਾਂ ਸਾਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਰਹਿ ਰਹੇ ਹਨ।”

”ਜਦੋਂ ਅਸੀਂ ਉਨ੍ਹਾਂ ਨੂੰ ਫੋਨ ‘ਤੇ ਪੁੱਛਿਆ ਕਿ ਆਪਣਾ ਪਤਾ ਤਾਂ ਦੱਸ ਦਿਓ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਮਿਸਟਰ ਬੇਗ, ਹਬੀਬ ਟੇਲਰਿੰਗ ਹਾਊਸ, ਅਗਰਤਲਾ।”

”ਜਦੋਂ ਉਹ ਬਹੁਤ ਦਿਨਾਂ ਤੱਕ ਘਰ ਨਹੀਂ ਆਏ ਤਾਂ ਮੇਰੀ ਮਾਂ ਨੇ ਮੇਰੇ ਵੱਡੇ ਭਰਾ ਨੂੰ ਕਿਹਾ ਕਿ ”ਤੂੰ ਛੁੱਟੀ ਲੈ ਅਤੇ ਜਾਕੇ ਪਤਾ ਲਾ ਕਿ ਤੇਰੇ ਪਿਤਾ ਕਿੱਥੇ ਹਨ? ਉਹ ਚਿੱਠੀਆਂ ਦਾ ਜਵਾਬ ਵੀ ਨਹੀਂ ਦਿੰਦੇ।”

”ਜਦੋਂ ਮੇਰੇ ਭਰਾ ਉੱਥੇ ਗਏ ਤਾਂ ਉਨ੍ਹਾਂ ਨੇ ਕਿਹਾ ਕਿ ”ਮੈਂ ਠੀਕ ਹਾਂ, ਮੈਂ ਅੰਡਰਗਰਾਊਂਡ ਆਪ੍ਰੇਸ਼ਨ ਚਲਾ ਰਿਹਾ ਹਾਂ। ਮੈਂ ਹੁਣ ਬ੍ਰਿਗੇਡੀਅਰ ਸੁਬੇਗ ਸਿੰਘ ਨਹੀਂ ਹਾਂ, ਹੁਣ ਮੇਰਾ ਨਾਂ ਬੇਗ ਹੈ।”
ਮੁਕਤੀ ਬਾਹਿਨੀ ਨੂੰ ਟਰੇਨਿੰਗ ਦਿੱਤੀ
ਬ੍ਰਿਗੇਡੀਅਰ ਸੁਬੇਗ ਸਿੰਘ ਨੂੰ ਡੈਲਟਾ ਸੈਕਟਰ ਵਿੱਚ ਮੱਧ ਅਤੇ ਪੂਰਬੀ ਬੰਗਲਾਦੇਸ਼ ਦੇ ਇਲਾਕੇ ਵਿੱਚ ਮੁਕਤੀ ਬਾਹਿਨੀ ਦੀ ਸਿਖਲਾਈ ਦਾ ਇੰਚਾਰਜ ਬਣਾਇਆ ਗਿਆ ਸੀ।

ਉਨ੍ਹਾਂ ਨੇ ਪਾਕਿਸਤਾਨੀ ਫੌਜ ਨੂੰ ਛੱਡ ਕੇ ਆਏ ਕਈ ਲੋਕਾਂ ਜਿਵੇਂ ਮੇਜਰ ਜ਼ਿਆ ਉਰ ਰਹਿਮਾਨ ਅਤੇ ਮੁਹੰਮਦ ਮੁਸ਼ਤਕ ਨੂੰ ਟਰੇਨ ਕੀਤਾ, ਜੋ ਬਾਅਦ ਵਿੱਚ ਬੰਗਲਾਦੇਸ਼ ਦੇ ਰਾਸ਼ਟਰਪਤੀ ਅਤੇ ਫੌਜ ਮੁਖੀ ਬਣੇ
ਸੁਬੇਗ ਸਿੰਘ ਦੇ ਯਤਨਾਂ ਨਾਲ ਜਨਵਰੀ ਤੋਂ ਅਕਤੂਬਰ 1971 ਤੱਕ ਬੰਗਲਾਦੇਸ਼ ਵਿੱਚ ਛਾਪਾਮਾਰ ਅੰਦੋਲਨ ਇਸ ਹੱਦ ਤੱਕ ਵਧਿਆ ਕਿ ਜਦੋਂ ਲੜਾਈ ਸ਼ੁਰੂ ਹੋਈ ਤਾਂ ਪਾਕਿਸਤਾਨੀ ਫੌਜ ਦੀ ਵਿਰੋਧ ਕਰਨ ਦੀ ਇੱਛਾ ਸ਼ਕਤੀ ਕਰੀਬ ਕਰੀਬ ਖਤਮ ਹੋ ਗਈ ਸੀ।

ਪ੍ਰਬਪਾਲ ਸਿੰਘ ਦੱਸਦੇ ਹਨ, ”ਮੇਰੇ ਪਿਤਾ ਨੇ ਮੁਕਤੀ ਬਾਹਿਨੀ ਨੂੰ ਹਥਿਆਰ ਚਲਾਉਣਾ ਸਿਖਾਇਆ, ਛਾਪਾਮਾਰ ਯੁੱਧ ਦੀ ਰਣਨੀਤੀ ਸਮਝਾਈ, ਚਟਗਾਂਵ ਬੰਦਰਗਾਹ ਵਿੱਚ ਉਨ੍ਹਾਂ ਨੇ ਇੱਕ ਸਮੇਂ ਵਿੱਚ ਪੰਜ ਛੋਟੇ ਜੰਗੀ ਬੇੜੇ ਉਡਾ ਦਿੱਤੇ ਸਨ।”

”ਮੁਕਤੀ ਬਾਹਿਨੀ ਨੇ ਪਾਕਿਸਤਾਨੀ ਫੌਜ ਦੇ ਅਫ਼ਸਰਾਂ ‘ਤੇ ਘਾਤ ਲਾ ਕੇ ਹਮਲਾ ਕਰਨਾ ਸ਼ੁਰੂ ਕੀਤਾ। ਉਹ ਉਨ੍ਹਾਂ ਦੇ ਫ਼ੌਜੀ ਕਾਫ਼ਲਿਆਂ ‘ਤੇ ਹਮਲਾ ਕਰਨ ਲੱਗੇ, ਪੁਲ ਉਡਾਉਣ ਲੱਗੇ ਅਤੇ ਇਹ ਯਕੀਨੀ ਬਣਾਉਣ ਲੱਗੇ ਕਿ ਪਾਕਿਸਤਾਨੀ ਫ਼ੌਜ ਤੱਕ ਰਸਦ ਨਾ ਪਹੁੰਚ ਸਕੇ। ਇਸ ਸਭ ਲਈ ਬ੍ਰਿਗੇਡੀਅਰ ਸੁਬੇਗ ਸਿੰਘ ਨੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਸੀ।”

Leave a Comment

Your email address will not be published. Required fields are marked *