ਗੁਰਦੁਆਰਾ ਅੜੀਸਰ ਸਾਹਿਬ ਤੁਹਾਡੇ ਸਾਰੇ ਅੜੇ ਕੰਮ ਹੋ ਜਾਣਗੇ ਪੂਰੇ ਏਥੇ ਜਾਕੇ ਕਰੋ ਅਰਦਾਸ

ਗੁਰਦੁਆਰਾ ਅੜੀਸਰ ਸਾਹਿਬ ਪਿੰਡ ਧੌਲਾ, ਹੰਡਿਆਇਆ ਅਤੇ ਪਿੰਡ ਚੂੰਘ ਦੀ ਸਾਂਝੀ ਜੂਹ ਤੇ ਵਸਿਆ ਹੈ। ਬਰਨਾਲਾ-ਬਠਿੰਡਾ ਸੜਕ ਤੇ ਬਰਨਾਲਾ ਤੋਂ ਕੋਈ 8 ਕਿਲੋਮੀਟਰ ਦੂਰ ਹੈ। ਬਰਨਾਲੇ ਚ ਪੈਂਦੇ ਗੁਰੂ ਘਰ ਅੜੀਸਰ ਸਾਹਿਬ ਦੀ ਯੂ ਟਿਊਬ , ਇੰਸਟਾ ਤੇ ਬਹੁਤ ਮਸ਼ੂਹਰੀ ਹੋਈ । ਸੰਗਤਾਂ ਦੂਰੋਂ ਦੂਰੋਂ ਆਉਣ ਲੱਗੀਆਂ । ਇਸ ਅਸਥਾਨ ਦੇ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਕਿ 1722 ਬਿ. ਨੂੰ ਹੰਡਿਆਇਆ ਪੋਹ ਦੇ ਮਹੀਨੇ “ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ” ਪੱਕੇ ਗੁਰੂਸਰ ਆਏ ਸਨ, ਫੇਰ ਪੱਕੇ ਤੋਂ ਕੱਚੇ ਗੁਰੂਸਰ ਆਏ ਅਤੇ ਉਸ ਤੋਂ ਬਾਅਦ ਇਸ ਅਸਥਾਨ ਉੱਪਰ ਆਏ ਸਨ । ਜਿੱਥੇ ਆ ਕੇ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਨਾ ਤੁਰਿਆ ਜਿਸ ਤੋਂ ਬਾਅਦ ਸੰਗਤ ਨੇ ਉਹਨਾਂ ਨੂੰ ਕਾਰਨ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਇੱਥੇ ਕੁੱਝ ਮੁਸਲਮ ਲੋਕਾਂ ਨੇ ਤੰਬਾਕੂ ਬੀਜਿਆ ਹੈ ਜਿਸ ਕਰਕੇ ਘੋੜਾ ਅੜੀ ਕਰ ਗਿਆ ਹੈ । ਪਰ ਗੁਰੂ ਸਾਹਿਬ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਅਸਥਾਨ ‘ਤੇ ਸਿੱਖ ਸੰਗਤ ਵੀ ਹੋਵੇਗੀ ਜੋ ਗੁਰੂ ਸਾਹਿਬ ਦੀ ਸੇਵਾ ਕਰੇਗੀ।
ਇਤਿਹਾਸ ਬਾਰੇ ਪਤਾ ਲੱਗਣਾ ਚੰਗੀ ਗੱਲ ਏ ਪਰ ਲੋਕਾਂ ਨੇ ਹੋਰ ਹੀ ਪਾਸੇ ਰਿਵਾਇਤ ਚਲਾ ਲਈ । ਅਰਦਾਸ ਕਰਾਉਣ ਲਈ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਤੇ ਤਿੰਨ ਚਾਰ ਸੇਵਕ ਮੂਹਰੇ ਡੈਸਕ ਤੇ ਬੈਠ ਕੇ ਸੁੱਖਾਂ ਲਿਖਦੇ । ਬੀਬੀਆਂ ਤਰ੍ਹਾਂ ਤਰ੍ਹਾਂ ਦੇ ਦੁੱਖੜੇ ਲੈ ਕੇ ਆਉਂਦੀਆਂ ਫਿਰ 250 ਜਾਣਿਆਂ ਦੀ ਇਕੱਠੀ ਅਰਦਾਸ ਹੁੰਦੀ । ਜਿਆਦਾ ਸੁੱਖਾਂ ਕੈਨੇਡਾ ਦਾ ਵੀਜ਼ਾ ਆਜੇ , ਬੈਂਡ ਆ ਜਾਣ ਜਾਂ ਫਿਰ ਸਾਡਾ ਪੁੱਤ ਜਾਂ ਪਤੀ ਨਸ਼ਾ ਰਹਿਤ ਹੋਜੇ । ਬੇਜਨਾ ਇਕੱਠ ਹੋਣ ਲੱਗਾ ਤੇ ਸੁੱਖ ਪੂਰੀ ਹੋਣ ਤੇ ਸ਼ਰਧਾ ਅਨੁਸਾਰ ਲੱਡੂਆਂ ਦਾ ਪ੍ਰਸ਼ਾਦ ਚੜ੍ਹਦਾ । ਮੇਰੇ ਵਰਗੇ ਬਹੁਤੇ ਅਰਦਾਸ ਤਾਂ ਲਿਖਾ ਦਿੰਦੇ ਹੋਣੇ ਪਰ ਮਨ ਹੀ ਮਨ ਸੋਚਦੇ ਵੀ ਹੋਣੇ ਕਿ ਇਹ ਭਲਾ ਕੀ ਰਿਵਾਇਤ ਏ । ਮੈਂ ਸੋਚਦੀ ਹੁੰਨੀ ਆ ਕਿ ਸਾਡੇ ਤੋਂ ਵੱਧ ਬਾਬੇ ਦੇ ਨੇੜੇ ਕੋਈ ਨਹੀਂ ਹੋ ਸਕਦਾ । ਤਨੋਂ ਮਨੋ ਸੱਚੇ ਦਿਲੋਂ ਕੀਤੀ ਅਰਦਾਸ ਕਬੂਲ ਹੁੰਦੀ ਏ । ਆਪਣੀ ਅਰਦਾਸ ਹਮੇਸ਼ਾ ਆਪੇ ਹੀ ਕਰਨੀ ਚਾਹੀਦੀ ਏ ।
ਇਹ ਸੱਚ ਹੈ ਕਿ ਇੱਥੇ ਆ ਕੇ ਲਾਈਨਾਂ ਦੇਖ ਕੇ ਮੇਰੀ ਭਾਵਨਾ ਵੀ ਟੁੱਟੀ ਕਿ ਇੱਕ ਪਾਸੇ ਦਰਬਾਰ ਸਾਹਿਬ ਸੀ ਤੇ ਲੋਕ ਉੱਧਰ ਮੱਥਾ ਟੇਕਣ ਤੋਂ ਪਹਿਲਾਂ ਲਾਈਨਾਂ ਚ ਲੱਗ ਵਾਰੀ ਲਿਖਾਉਂਦੇ ਤੇ ਫਿਰ ਅਰਦਾਸ ਕਰਾ ਕੇ ਲਾਸਟ ਤੇ ਹੀ ਦਰਬਾਰ ਸਾਹਿਬ ਜਾਂਦੇ । ਅਰਦਾਸ ਚ ਵਾਰੀ ਵਾਰੀ ਨਾਮ ਲਏ ਜਾਂਦੇ ਤੇ ਸੁੱਖ ਦੱਸੀ ਜਾਂਦੀ ਕਿ ਫਲਾਣੇ ਦੀ ਇਹ ਅਰਦਾਸ ਏ । ਲੋਕਾਂ ਦਾ ਸਾਰਾ ਧਿਆਨ ਨਾਮ ਸੁਣਨ ਚ ਰਹਿ ਜਾਂਦਾ ਜਾਂ ਥੋੜੇ ਜਿਹੇ ਥਾਂ ਚ ਮੱਥਾ ਟੇਕਣ ਦੀ ਪਹਿਲ ਚ ਉਹਨਾਂ ਦੀ ਕੀਤੀ ਹਫ਼ੜਾ ਦਫ਼ੜੀ ਉਹਨਾਂ ਦੇ ਮਨ ਦੀ ਸ਼ਾਂਤੀ ਭੰਗ ਕਰ ਦਿੰਦੀ । ਛੇਤੀ ਛੇਤੀ ਅਰਦਾਸ ਕਰਾ ਸਭ ਨੂੰ ਘਰਾਂ ਨੂੰ ਮੁੜਨ ਦੀ ਕਾਹਲੀ ਹੁੰਦੀ ।
ਹੁਣ ਦੋ ਕੁ ਮਹੀਨਿਆਂ ਬਾਅਦ ਮੈਂ ਇੱਥੇ ਗਈ ਤਾਂ ਲਾਈਨਾਂ ਵਾਲਾ ਸਿਸਟਮ ਖ਼ਤਮ ਸੀ । ਸਾਰੇ ਲੋਕ ਬੜ੍ਹੀ ਸ਼ਰਧਾ ਨਾਲ ਸਿੱਧੇ ਦਰਬਾਰ ਸਾਹਿਬ ਮੱਥਾ ਟੇਕ ਰਹੇ ਸਨ । ਕੋਈ ਧੱਕਾ ਮੁੱਕੀ ਨਹੀਂ ਸੀ । ਅਲੱਗ ਅਲੱਗ ਗੁਰੂ ਗ੍ਰੰਥ ਸਾਹਿਬ ਨਹੀਂ ਰੱਖੇ ਹੋਏ ਸਨ । ਸਭ ਇੱਕੋ ਗੁਰੂ ਗ੍ਰੰਥ ਸਾਹਿਬ ਮੂਹਰੇ ਜਾ ਆਪੋ ਆਪਣੀ ਮਨ ਚ ਅਰਦਾਸ ਕਰ ਰਹੇ ਸਨ । ਲੋਹੜੇ ਦੀ ਸ਼ਰਧਾ ਤੇ ਸਕੂਨ ਸੀ ਉੱਥੇ ਤੇ ਹਾਂ ਸੱਚ ਕੋਈ ਸੇਵਕ ਇਹ ਕਹਿੰਦਾ ਨਹੀਂ ਸੁਣਿਆ ਕਿ ਛੇਤੀ ਛੇਤੀ ਮੱਥਾ ਟੇਕ ਅਗ੍ਹਾਹ ਲੰਘੋ । ਪਹਿਲੀ ਵਾਰ ਉੱਥੇ ਜਾ ਸਕੂਨ ਮਿਲਿਆ । ਉੱਥੇ ਸੁਣਿਆ ਕਿਸੇ ਤੋਂ ਕਿ ਗਰਮੀ ਜਿਆਦਾ ਹੋਣ ਲੱਗ ਗਈ ਤੇ ਬਜ਼ੁਰਗਾਂ ਨੂੰ ਲਾਈਨ ਚ ਲੱਗਣਾ ਔਖਾ ਸੀ । ਕੋਈ ਬਜ਼ੁਰਗ ਬੀਬੀ ਦੇ ਲਾਈਨ ਚ ਲੱਗੀ ਦੇ ਗਰਮੀ ਚ ਘਬਰਾਅ ਪੈਣ ਕਰਕੇ ਡਿੱਗ ਕੇ ਸੱਟ ਲੱਗੀ । ਉਦੋਂ ਤੋਂ ਉਹ ਸਿਸਟਮ ਬੰਦ ਕਰ ਦਿੱਤਾ ਗਿਆ । ਸਭ ਆਪਣੀ ਅਰਦਾਸ ਆਪ ਕਰਨ ਇਹ ਕਿਹਾ ਜਾ ਰਿਹਾ । ਅਸੀਂ ਬੜੇ ਆਰਾਮ ਨਾਲ ਮੱਥਾ ਟੇਕਿਆ । ਦੇਗ ਛਕੀ , ਪੰਜ ਇਸ਼ਨਾਨੇ ਕੀਤੇ ਤੇ ਲੰਗਰ ਛਕਿਆ । ਸੋਚਿਆ ਕਿ ਹੰਢਿਆਇਆ ਰਹਿੰਦੇ ਗੁਰਦਿਆਲ ਅਟਵਾਲ (Gurdial Atwal) ਸਰ ਨੂੰ ਮਿਲ ਕੇ ਜਾਊ ਪਰ ਜਾਇਆ ਨਹੀਂ ਗਿਆ । ਅਗਲੀ ਵਾਰੀ ਪੱਕਾ ਆਵਾਂਗੀ ।
ਅਖੀਰੀ ਨਬੇੜਦੀ ਆ ਗੱਲ ਕਿ ਆਹ ਗੱਲ ਮਾੜੀ ਲੱਗੀ ਕਿ ਆਟੋ ਵਾਲੇ ਖਚ ਖਚ ਸਵਾਰੀਆਂ ਲੱਦ ਲੈਂਦੇ ਹਨ ਤੇ ਐਂਵੇ ਨਹੀਂ ਦੇਖਦੇ ਕਿ ਜੇ ਕਿਸੇ ਸਵਾਰੀ ਦੇ ਡਿੱਗ ਕੇ ਸੱਟ ਲੱਗੀ ਤਾਂ ਕੌਣ ਜਿੰਮੇਵਾਰ ਹੋਊ । ਵੀਹ ਰੁਪਏ ਦੇ ਵੱਧ ਲਾਲਚ ਲਈ ਚਾਰ ਸੀਟਰ ਆਟੋ ਤੇ ਛੇ ਸੱਤ ਉਲੱਦ ਲੈਂਦੇ ਹਨ । ਪ੍ਰਬੰਧਕ ਕਮੇਟੀ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ । 🙏🏻
ਬਾਕੀ ਸਾਡੇ ਪਿੰਡੋਂ ਮੱਲਕੇ ਤੋਂ ਸ਼ਾਇਦ ਐਤਵਾਰ ਬੱਸ ਵੀ ਜਾਂਦੀ ਏ । ਜਿੰਨ੍ਹਾਂ ਜਾਣਾ ਹੋਵੇ ਜਾ ਸਕਦੇ ਹਨ ।