10 -10 ਰੁ. ਜੋੜਕੇ ਸਮਾਜ ਸੇਵੀ ਵੀਰ ਦੇ ਗੁੱਟ ‘ਤੇ ਸਜਾਈ ਚਾਂਦੀ ਰੱਖੜੀ,ਇਸ ਭੈਣ ਦਾ ਪਿਆਰ ਤੁਹਾਡਾ ਵੀ ਮੋਹ ਲਵੇਗਾ ਦਿਲ

10 -10 ਰੁ. ਜੋੜਕੇ ਸਮਾਜ ਸੇਵੀ ਵੀਰ ਦੇ ਗੁੱਟ ‘ਤੇ ਸਜਾਈ ਚਾਂਦੀ ਰੱਖੜੀ,ਇਸ ਭੈਣ ਦਾ ਪਿਆਰ ਤੁਹਾਡਾ ਵੀ ਮੋਹ ਲਵੇਗਾ ਦਿਲ
ਕਾਦੀਆਂ 7 ਅਗਸਤ (ਮੁਨੀਰਾ ਸਲਾਮ ਤਾਰੀ) :- ਭੈਣ-ਭਰਾ ਦੇ ਪ੍ਰੇਮ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਇਸ ਸਾਲ 22 ਅਗਸਤ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਰੱਖੜੀ ਦਾ ਤਿਉਹਾਰ ਸਾਵਣ ਮਹੀਨੇ ਦੀ ਪੁੰਨਿਆ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣਾ ਭਰਾਵਾਂ ਦੇ ਗੁੱਟ ‘ਤੇ ਰੱਖੜੀ ਜਾਂ ਰੱਖਿਆ ਸੂਤਰ ਬੰਨ੍ਹ ਕੇ ਭਰਾਵਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਤੇ ਭਰਾ ਭੈਣਾਂ ਦੀ ਰੱਖਿਆ ਤੇ ਸਹਿਯੋਗ ਕਰਨ ਦਾ ਵਚਨ ਦਿੰਦੇ ਹਨ। ਹਿੰਦੂ ਪਰਿਵਾਰਾਂ ‘ਚ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਪੂਰੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ।
*ਰੱਖੜੀ ਵਾਲੀ ਥਾਲੀ*
ਰੱਖੜੀ ਦੀ ਥਾਲੀ ਸਜਾਓ। ਉਸ ਵਿਚ ਕੁੰਮਕੁਮ, ਮੌਲੀ, ਚੌਲ, ਦੀਵਾ, ਮਠਿਆਈ ਤੇ ਰੱਖੜੀ ਰੱਖੋ। ਭਰਾ ਨੂੰ ਤਿਲਕ ਲਗਾ ਕੇ ਉਸ ਦੇ ਸੱਜੇ ਗੁੱਟ ‘ਤੇ ਰੱਖਿਆ ਸੂਤਰ ਬੰਨ੍ਹੋਂ। ਭਰਾ ਦੀ ਆਰਤੀ ਉਤਾਰੋ। ਉਸ ਨੂੰ ਮਠਿਆਈ ਖੁਆਓ। ਰੱਖੜੀ ਬੰਣਨ ਤੋਂ ਬਾਅਦ ਭਰਾ ਨੂੰ ਇੱਛਾ ਤੇ ਸਮਰੱਥਾ ਅਨੁਸਾਰ ਭੈਣਾਂ ਨੂੰ ਭੇਟ ਦੇਣੀ ਚਾਹੀਦੀ ਹੈ। ਰੱਖੜੀ ਬਾਰੇ ਭੈਣ ਦੇ ਵਿਚਾਰ ਕੁੱਝ ਇਸ ਤਰ੍ਹਾਂ ਹੁੰਦੇ ਹਨ–
ਮੈਂ ਰੱਖ਼ੜੀ ਬੰਨ੍ਹਾਂ ਵੀਰੇ ਨੂੰ ।
ਸੋਹਣੇ ਜਿਹੇ ਸੁੰਦਰ ਹੀਰੇ ਨੂੰ ।
ਇਹ ਰੱਖ਼ੜੀ ਮੋਹ ਦੀਆਂ ਤੰਦਾਂ ਨੇ ।
ਦੋ ਪੀੱਡੀਆਂ ਹੋਈਆਂ ਗੰਢਾਂ ਨੇ ।
ਵੇਖੀਂ ਕਿਧਰੇ ਟੁੱਟ ਨਾ ਜਾਵਣ ,
ਇਹ ਸੂਖ਼ਮ ਜਿਹੀਆਂ ਤੰਦਾਂ ਨੇ ।
ਭੈਣ ਨਾਨਕੀ ਪਾ ਕੇ ਔਂਸੀਆਂ
ਰਹੀ ਬੁਲਾਉਂਦੀ ਵੀਰੇ ਨੂੰ ।
ਮੈਂ ਰੱਖ਼ੜੀ ਬੰਨ੍ਹਾਂ ਵੀਰੇ ਨੂੰ ,
ਸੋਹਣੇ ਜਿਹੇ ਸੁੰਦਰ ਹੀਰੇ ਨੂੰ ।
ਤੂੰ ਵੱਟ ਵੇਖ ਲੈ ਧਾਗੇ ਦਾ ।
ਹੈ ਇਹ ਰਿਸ਼ਤਾ ਲਾਗੇ ਦਾ ।
ਤਰੇੜ ਕਿਤੇ ਨਾ ਪੈ ਜਾਵੇ ,
ਮੁੱਲ ਪੈਂਦਾ ਹੈ ਬੇ–ਦਾਗ਼ੇ ਦਾ ।
ਸਤਿਗੁਰ ਦਾ ਸੱਚਾ ਜਾਪ ਕਰੀਂ ,
ਨਾ ਮੰਨੀਂ ਪੀਰ ਫ਼ਕੀਰੇ ਨੂੰ ।
ਮੈਂ ਰਖ਼ੱੜੀ ਬੰਨ੍ਹਾਂ ਵੀਰੇ ਨੂੰ ।
ਸੁੰਦਰ ਜਿਹੇ ਸੋਹਣੇਂ ਹੀਰੇ ਨੂੰ ।
ਰੱਖ਼ੜੀ ਵਿਚ ਮੋਤੀ ਚਮਕਣ ਵੇ ।
ਕੁਝ ਫ਼ੁੱਲ ਰੰਗੀਲੇ ਲਮਕਣ ਵੇ ।
ਇਸ ਵਿਚ ਸਾਹ ਪ੍ਰੀਤਾਂ ਦੇ ,
ਹੱਥ ਹਿਲਾਇਆਂ ਛੱਣਕਣ ਵੇ ।
ਪਿਆਰ ਭੈਣ ਦਾ ਸਾਂਭ ਕੇ ਰੱਖੀਂ ,
ਲੱਗ ਦਾਗ਼ ਨਾ ਜਾਏ ਚੀਰੇ ਨੂੰ ।
ਮੈਂ ਰੱਖ਼ੜੀ ਬੰਨ੍ਹਾਂ ਵੀਰੇ ਨੂੰ ।
ਸੁੰਦਰ ਜਿਹੇ ਸੋਹਣੇ ਹੀਰੇ ਨੂੰ ।
ਰੱਖੜੀ ਜਾਂ ਰਾਖੀ ਦਾ ਭਾਵ ਹੈ ਵੀਰ ਭੈਣਾ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾ ਕੇ ਵੀਰ ਭੈਣਾ ਦੀ ਕਿਸੇ ਔਕੜ ਸਮੇਂ ਰੱਖਿਆ ਕਰਨ ਜਾ ਕੰਮ ਆਉਣ ਲਈ ਬਚਨ ਵੱਧ ਹੋ ਜਾਂਦੇ ਹਨ। ਇਹ ਵੀ ਧਾਰਨਾ ਹੈ ਕਿ ਭੈਣਾਂ ਇਸ ਮੌਕੇ ਭਰਾਵਾਂ ਦੀ ਸੁੱਖ ਮੰਗਦੀਆਂ, ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਤੇ ਭਰਾਵਾਂ ਦੀ ਉਮਰ ਦਰਾਜ਼ ਹੋ ਜਾਂਦੀ ਹੈ।
ਇੱਕ ਭੈਣ ਆਪਣੇ ਵੀਰ ਦੇ ਸਤਿਕਾਰ ਵਿੱਚ ਕੁੱਝ ਇਸ ਤਰ੍ਹਾਂ ਸੋਚਦੀ ਹੈ-
ਵੀਰ ਮੇਰਾ ਹੈ ਸੱਚਾ ਦਿਲ ਦਾ,
ਕੋਹਿਨੂਰ ਹੀਰੇ ਦੇ ਵਰਗਾ।
ਦੁੱਖਾਂ ਨੂੰ ਹਾਸੇ ਵਿੱਚ ਬਦਲੇ,
ਜਲਦੀ ਰੱਬਾ ਵੀਰਾ ਘੱਲਦੇ।।
🙏🏻ਹਰ ਗੱਲ ਨੂੰ ਉਹ, ਪਿਆਰ ਨਾਲ ਸੁਣਦਾ,
ਠੰਡਾ ਕਲੇਜ਼ਾ ਹੋਵੇ ਦਿਲ ਦਾ।
ਵੀਰੇ ਸਿਰ ਹੱਥ ਰੱਖੀਂ ਵੇ ਰੱਬਾ,
ਵਿਹੜਾ ਬਾਪ ਦਾ, ਮਹਿਕਾਈਂ ਵੇ ਰੱਬਾ।।
🙏🏻ਲੜਾਈ ਝਗੜੇ ਤਾਂ ਹੁੰਦੇ ਰਹਿੰਦੇ,
ਇਸੇ ਨੂੰ
ਭੈਣ -ਭਾਈ ਦਾ ਪਿਆਰ ਨੇ ਕਹਿੰਦੇ।
ਤੂੰ ਮੇਰਾ ਵੀਰ ਨਾ ਕੋਈ ਸ਼ੱਕ,
ਡਾਂਟਣ ਦਾ ਤੈਨੂੰ ਪੂਰਾ ਹੱਕ।।
🙏🏻ਹਰ ਸਾਲ ਗੁੱਟ ਤੇ ਬੰਨਾਂ ਮੈਂ ਰੱਖੜੀ,
ਇਹ ਦਿਨ ਖਾਸ ਬਣਾਈ ਰੱਖੀਂ।
ਜਿਸ ਰਾਹ ਤੁੱਰੇ ਮੇਰਾ ਵੀਰ ਪਿਆਰਾ,
ਉਸ ਰਾਹ ਫੁੱਲ ਸਜਾਈ ਰਖੀਂ।।
🙏🏻ਦੁੱਖਾਂ ਤੋਂ ਸਦਾ ਦੂਰ ਹੀ ਰੱਖੀਂ,
ਹਰ ਸੁੱਖ ਝੋਲੀ ਪਾਈ ਰੱਖੀਂ।
ਹਰ ਦਿਨ ਬਣੇ ਉਹਦਾ ਖੁਸ਼ੀਆਂ ਵਾਲਾ,
ਹਰ ਦਿਨ ਤੱਰਕੀ ਬਣਾਈ ਰੱਖੀਂ।।
🙏🏻ਬਾਪੂ ਦਾ ਉਹ ਰੂਪ ਹੈ ਦੂਜਾ,
ਰੱਬ ਵਾਂਗ ਉਹਦੀ ਕਰੀਏ ਪੂਜਾ।
ਪੇਕਿਆਂ ਘਰ ਦਾ ਚਿਰਾਗ ਹੈ ਵੀਰ,
ਠੰਡੀ-ਮਿੱਠੀ ਫੁਹਾਰ ਵੀਰ।।
🙏🏻ਇੱਕੋ ਇਕ ਮੇਰਾ ਵੀਰ ਪਿਆਰਾ,
ਜਿਵੇਂ ਸੋਹਣਾ ਅੱਖੀਆਂ ਦਾ ਤਾਰਾ।
ਜਦ ਵੀ ਜਾਈਏ ਚਾਅ ਹੈ ਕਰਦਾ,
ਵੀਰ ਹੈ ਸੋ-ਸੋ ਭਾਅ ਵੀ ਭਰਦਾ।।
🙏🏻ਪੇਕੇ ਘਰ ਦੀ ਜਾਨ ਹੈ ਵੀਰ,
ਮਾਂ-ਭਾਬੋ ਦਾ ਮਾਨ ਹੈ ਵੀਰ।
ਵੀਰ ਮੇਰਾ ਉੱਚਾ ਸਰਦਾਰ,
ਮਾਂ ਮੇਰੀ ਘਰ ਸਦਾ ਬਹਾਰ।।
🙏🏻ਵੀਰ ਲਈ ਬਸ ਇਹੋ ਚਾਹਵਾਂ,
ਜਿਉਂਦਾ ਰਹੇ ਉਹ ਵਿੱਚ ਦੁਆਵਾਂ।
ਜੱਸੀ ਦੀ ਚਾਹੇ ਹਸਤੀ ਮਿਟਾਵੀਂ,
ਵੀਰ ਮੇਰੇ ਦੀ ਉਮਰ ਵਧਾਵੀਂ।।
ਭੈਣ- ਭਰਾਵਾਂ ਦਾ ਇੱਕ ਦੂਜੇ ਨੁੰ ਮਿਲਣ ਦਾ ਸਬੱਬ ਬਣ ਜਾਂਦਾ ਹੈ ਇਹ – ਰਖੜੀ ਦਾ ਤਿਉਹਾਰ । ਰੱਖੜੀ ਬੰਨਣ ਦਾ ਅਸਲ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਭੈਣਾਂ ਅਤੇ ਭਰਾ ਇਕ ਦੂਜੇ ਨੁੰ ਪਿਆਰ ਅਤੇ ਸਤਿਕਾਰ ਦੇਣ।
ਜਿਸ ਭੈਣ ਦਾ ਕੋਈ ਵੀਰ ਨਹੀਂ ਹੁੰਦਾ ਉਹ ਭੈਣ ਕਹਿੰਦੀ ਹੈ ਕਿ ਇਕ ਵੀਰ ਦੇਵੀਂ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ। ਕਿਹਾ ਜਾਂਦਾ ਹੈ ਕਿ ਘਰ ਦੀ ਧੀ ਤੇ ਘਰ ਦਾ ਨੌਕਰ ਸਦਾ ਘਰ ਦੀ ਸੁੱਖ ਮੰਗਦੇ ਨੇ ਪਰ ਅੱਜ ਦੇ ਸਮੇਂ ਤਾਂ ਨੋਕਰ ਵੀ ਪੈਸੇ ਦੇ ਪੁੱਤ ਬਣ ਗਏ ਨੇ ਜੋ ਮਾਲਕ ਨੁੰ ਕਤਲ ਤੱਕ ਕਰ ਦੇਂਦੇ ਹਨ।
ਪਿਛਲੇ ਸਮੇਂ ਰੱਖੜੀ ਦਾ ਮੁੱਲ ਮੋਹ ਪਿਆਰ ਨਾਲ ਪੈਂਦਾ ਸੀ ਦਿਖਾਵੇ ਤੇ ਕੱਪੜੇ ਗਹਿਣੇ ਨਾਲ ਨਹੀਂ। ਬੇਸ਼ੱਕ ਅੱਜ ਵੀ ਅਜਿਹੇ ਭਰਾ ਹਨ ਜੋ ਭੈਣਾਂ ਨੂੰ ਮਾਪੇ ਯਾਦ ਨਹੀਂ ਆਉਣ ਦੇਂਦੇ ਤੇ ਉਨ੍ਹਾ ਦੇ ਸਾਰੀ ਉਮਰ ਦੇ ਮਾਪੇ ਬਣ ਕੇ ਰਹਿੰਦੇ ਨੇ ਤੇ ਅਜਿਹੀਆਂ ਭੈਣਾਂ ਵੀ ਨੇ ਜੋ ਭਰਾਵਾਂ ਨੁੰ ਮਾਪਿਆਂ ਵਾਂਗ ਤੇ ਪੁੱਤਾਂ ਵਾਂਗ ਸਤਿਕਾਰਦੀਆ ਤੇ ਪਿਆਰਦੀਆਂ ਨੇ ਪਰ ਅਜਿਹੇ ਜਿਊੜੇ ਹੁਣ ਬਹੁਤ ਘੱਟ ਹਨ। ਭੈਣ- ਭਰਾ ਦੇ ਪਿਆਰ ਦੀ ਪ੍ਰਤੀਕ, ਇਹ ਰੱਖੜੀ —
ਇਸ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਦੋਵੇਂ ਧਿਰਾਂ ਇਕ ਦੂਜੇ ਨੁੰ ਪਿਆਰ ਸਤਿਕਾਰ ਦੇਣ ਨਹੀਂ ਤਾਂ ਮਹਿੰਗੀਆ ਤੇ ਖੂਬਸੂਰਤ ਰੱਖੜੀਆ ਦਾ ਕੋਈ ਮਹੱਤਵ ਨਹੀਂ ਹੈ। ਕਈਂ ਭੈਣਾਂ ਸੋਨੇ ਜਾਂ ਚਾਂਦੀ ਦੀਆਂ ਰੱਖੜੀਆਂ ਵੀ ਭਰਾ ਦੇ ਬੰਨ੍ਹਦੀਆਂ ਨੇ । ਇਹ ਆਪਣੀ ਪਹੁੰਚ ਜਾਂ ਸੋਚ ਤੇ ਨਿਰਭਰ ਹੈ। ਪਰ ਮੋਹ ਦੀ ਤੰਦ ਤਾਂ ਇੱਕ ਧਾਗਾ ਹੀ ਬਥੇਰਾ ਹੁੰਦਾ ਹੈ ਜੋ ਸਾਰੀ ਉਮਰ ਰੂਹ ਨਾਲ ਨਿੱਭ ਜਾਵੇ। ਅੱਜ ਰੱਖੜੀ ਦਾ ਮੁੱਲ ਮੋਹ ਪਿਆਰ ਨਾਲ ਨਹੀਂ ਕੱਪੜੇ ਤੇ ਗਹਿਣੇ ਜਾਂ ਪੈਸੇ ਨਾਲ ਪੈਂਦਾ ਹੈ। ਕਈ ਭੈਣਾਂ ਉਸੇ ਭਰਾ ਨੁੰ ਜਿਆਦਾ ਮਾਣ ਆਦਰ ਦਿੰਦੀਆਂ ਹਨ, ਜਿਹੜਾ ਉਨ੍ਹਾਂ ਦੀ ਰੱਖੜੀ ਦਾ ਜਿਆਦਾ ਮੁੱਲ ਪਾਉਂਦਾ ਹੈ।
ਕਈ ਘਰਾਂ ਵਿਚ ਭਾਬੀਆਂ ਰੱਖੜੀ ਨੂੰ ਮੱਥੇ ਵੱਟ ਵੀ ਪਾਉਂਦੀਆਂ ਨੇ ਤੇ ਖਰਚ ਤੇ ਖੇਚਲ ਦੋਵਾਂ ਤੋਂ ਕਤਰਾਉਂਦੀਆਂ ਨੇ। ਕਈਂ ਆਈਆਂ ਨਨਾਣਾਂ ਨੁੰ ਦਿਲੋਂ ਜੀ ਆਇਆਂ ਕਹਿੰਦੀਆਂ ਸਰਦਾ ਬਣਦਾ ਮਾਣ ਕਰਦੀਆਂ ਸੋਚਦੀਆਂ ਨੇ ਕਿ ਇਨ੍ਹਾਂ ਨੁੰ ਭਰਾ ਓਵੇਂ ਹੀ ਪਿਆਰੇ ਨੇ ਜਿਵੇਂ ਸਾਨੂੰ ਆਪਣੇ ਭਰਾ ਨੇ । ਰੱਖੜੀ ਨੂੰ, ਭੈਣਾਂ ਪੈਸੇ ਨਾਲ ਨਹੀਂ ਤੋਲਦੀਆਂ। ਕਈ ਭੈਣਾਂ ਵੀਰ ਦੇ ਘਰ ਦਾ ਫੋਕੇ ਪਾਣੀ ਦਾ ਗਲਾਸ ਪੀ ਕੇ ਵੀ ਅਸੀਸਾਂ ਦੇਣ ਵਾਲੀਆਂ ਹੁੰਦੀਆ ਨੇ ਤੇ ਕਈ ਸੂਟ ਦਾ ਰੰਗ ਪਸੰਦ ਨਾ ਹੋਣ ਤੇ ਮੂੰਹ ਮੋਟਾ ਕਰਨ ਵਾਲੀਆਂ ਵੀ।
ਇਹ ਤਾਂ ਭੈਣ ਭਰਾ ਦੀ ਸਾਂਝ ਤੇ ਸਨੇਹ ਦਾ ਪਿਆਰਾ ਤਿਉਹਾਰ ਹੈ ।
ਰੱਖੜੀ ਦੀ ਕਦਰ ਕੀਮਤ ਉਨਾਂ ਭੈਣਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਰੱਬ ਨੇ ਵੀਰ ਦਿੱਤਾ ਹੀ ਨਾ ਹੋਵੇ ਤੇ ਉਹ ਰੱਬ ਨੂੰ ਵਾਰ ਵਾਰ ਬੇਨਤੀਆਂ ਕਰਦੀਆਂ ਰਹੀਆਂ ਇੱਕ ਵੀਰ ਦੇਈਂ ਵੇ ਰੱਬਾ ਸੋਂਹ ਖਾਣ ਨੂੰ ਬੜਾ ਚਿੱਤ ਕਰਦਾ ਫਿਰ ਰੱਬ ਦੀ ਮਾਰ ਅੱਗੇ ਕੀ ਜ਼ੋਰ। ਉਹ ਭੈਣਾਂ ਕਿਸੇ ਮੂੰਹ ਬੋਲੇ ਭਰਾ ਜਾ ਤਾਏ_ਚਾਚੇ_ ਮਾਮੇ_ਭੂਆ ਦੇ ਪੁੱਤ ਭਰਾ ਦੇ ਰੱਖੜੀ ਬੰਨ੍ਹਦੀਆਂ ਵੀ ਨੇ ਤਾਂ ਵੀ ਉਨ੍ਹਾਂ ਦੀ ਰੂਹ ਮਾਂ ਜਾਏ ਵੀਰ ਪਿਆਰ ਨੁੰ ਤਰਸਦੀ ਰਹਿੰਦੀ ਹੈ। ਕਈ ਵਾਰ ਨੇਕ ਦਿਲ ਭਰਾ ਨਾਲ ਜੰਮਿਆਂ ਵਾਂਗ ਨਿਭ ਵੀ ਜਾਂਦੇ ਨੇ। ਕਈ ਵਾਰ ਕੋਈ ਭਰਾ ਵੀ ਭੈਣ ਦੇ ਪਿਆਰ ਨੂੰ ਤਰਸਦਾ ਹੈ, ਕਿਸੇ ਨੂੰ ਮੂੰਹ ਬੋਲੀ ਭੈਣ ਬਣਾ ਲਵੇ ਤਾਂ ਸਾਡਾ ਸਮਾਜ ਉਸਨੂੰ ਛੇਤੀ ਛੇਤੀ ਸਵੀਕਾਰ ਨਹੀਂ ਕਰਦਾ। ਕਈਂ ਵਾਰ ਇਸ ਪਾਕ ਪਵਿੱਤਰ ਰਿਸ਼ਤੇ ਤੇ ਊਜਾਂ ਦਾ ਚਿੱਕੜ ਵੀ ਪੈਂਦਾ ਹੈ। ਮੂੰਹ ਬੋਲੇ ਰਿਸ਼ਤੇ ਦੀ ਤਸਵੀਰ ਦੇ ਇਹ ਦੋ ਪਾਸੇ ਨੇ, ਅਜਿਹੇ ਰਿਸ਼ਤੇ ਵੀ ਬਹੁਤ ਸੋਚ ਸਮਝ ਕੇ ਬਣਾਉਣੇ ਚਾਹੀਦੇ ਨੇ ਤਾਂ ਜੋ ਰੱਖੜੀ ਦੀ ਮੋਹ ਭਰੀ ਸੁੱਚੀ ਡੋਰ ਮੈਲੀ ਨਾ ਹੋਵੇ।
ਸਮਾਂ ਬੀਤਣ ਨਾਲ ਇਸ ਉਤਸਵ ਨਾਲ ਸੰਬੰਧਿਤ ਭਾਵ ਉਕਾ ਹੀ ਬਦਲ ਗਏ ਹਨ। ਭਾਰਤ ਵਿਚ ਤਾਂ ਖਾਸ ਕਰਕੇ ਇਸਦਾ ਰੂਪ ਬਹੁਤ ਬਦਲ ਗਿਆ ਹੈ ਤੇ ਹੁਣ ਇਹ ਇਕ ਭੈਣਾਂ ਦਾ ਤਿਉਹਾਰ ਹੀ ਰਹਿ ਗਿਆ ਹੈ। ਪੰਜਾਬ ਵਿਚ ਉੱਤਰ ਵਲੋਂ ਹਮੇਸ਼ਾਂ ਹਮਲਾਵਰ ਆਉਂਦੇ ਰਹੇ ਤੇ ਹਰ ਵੈਰੀ ਹਮਲਾਵਰ ਜਾਂਦੀ ਵਾਰੀ ਧੀਆਂ ਭੈਣਾਂ ਨੂੰ ਫੜ ਕੇ ਲੈ ਜਾਂਦਾ ਰਿਹਾ ਤੇ ਗੁਲਾਮ ਬਣਾ ਲੈਂਦਾ ਰਿਹਾ। ਅਜਿਹੇ ਭੈੜੇ ਵਕਤਾ ਵਿਚ ਭੈਣਾਂ ਨੇ ਵੀਰਾਂ ਦੇ ਮਾਣ ਨੂੰ ਵੰਗਾਰਨ ਵਾਸਤੇ ਇਹ ਰਸਮ ਨੂੰ ਅਪਣਾਇਆ।ਭੈਣਾਂ ਹਰ ਸਾਲ ਦੇ ਸਾਲ ਵੀਰਾਂ ਨੂੰ ਰਖਸ਼ਾ ਬੰਧਨ੍ਹ ਬੰਨ੍ਹ ਕੇ ਉਹਨਾਂ ਦਾ ਧਰਮ ਯਾਦ ਕਰਾਂਦੀਆਂ ਹਨ। ਉਦੋਂ ਤੋਂ ਹੁਣ ਤੱਕ ਇਹ ਰਸਮ ਪ੍ਰਚਲਤ ਹੈ।
ਬੇਸ਼ੱਕ,ਅੱਜ ਰਿਸ਼ਤਿਆ ਵਿਚ ਪਹਿਲਾਂ ਵਾਲੀ ਨਿੱਘ ਤੇ ਨੇੜਤਾ ਨਹੀਂ ਰਹੀ ਪਰ ਅਜੇ ਵੀ ਕੁਝ ਲੋਕ ਮੋਹ ਭਰੇ ਦਿਲ ਰੱਖਦੇ ਹਨ। ਰੱਖੜੀ ਬਾਰੇ ਇਸ ਲਿਖਤ ਵਿਚ ਕੌੜੀਆਂ ਸੱਚਾਈਆਂ ਨੂੰ ਬਿਆਨ ਕੀਤਾ ਗਿਆ ਹੈ। ਸਾਵਨ ਦੀ ਪੂਰਨਮਾਸ਼ੀ ਰੱਖੜੀਆਂ ਬੰਨ੍ਹਣ ਦਾ ਤਿਉਹਾਰ ਹੈ। ਇਹ ਤਿਉਹਾਰ ਰੱਖਿਆ ਨਾਲ ਸੰਬੰਧਤ ਹੈ। ਭੈਣਾਂ ਵੀਰਾਂ ਦੇ ਗੁੱਟਾਂ ਤੇ ਰੱਖੜੀਆਂ ਬੰਨ੍ਹਦੀਆਂ ਹਨ। ਭੇਟਾ ਵਜੋਂ ਭਾਈ ਭੈਣਾਂ ਨੂੰ ਕੋਈ ਸੌਗਾਤ ਜਾਂ ਤੌਹਫ਼ਾ ਪ੍ਰਦਾਨ ਕਰਦੇ ਹੈ।
ਜਿਹੜੀਆਂ ਭੈਣਾਂ ਦੇ ਵੀਰ ਨਹੀਂ ਹੁੰਦੇ ਜਾਂ ਜਿਨ੍ਹਾਂ ਦੀ ਕੋਈ ਭੈਣ ਨਹੀਂ ਹੁੰਦੀ, ਉਹਨਾਂ ਲਈ ਇਹ ਦਿਨ ਔਖਾ ਲੰਘਦਾ ਹੈ। ਸੋ, ਰੱਬਾ ਹਰ ਵੀਰ ਨੂੰ ਇੱਕ ਭੈਣ ਅਤੇ ਹਰ ਭੈਣ ਨੂੰ ਇੱਕ ਵੀਰ ਜਰੂਰ ਦੇਈਂ।
( ਜਸਵਿੰਦਰ ਕੌਰ ਜੱਸੀ 9877069801 )